-ਇਰਫ਼ਾਨ ਖ਼ਾਨ, ਫ਼ਿਲਮ ਅਦਾਕਾਰ-
ਅਨੁਵਾਦ: ਗੌਰਵ ਝਮੱਟ
![]() |
ਅਦਾਰਕਾਰ ਇਰਫ਼ਾਨ ਖ਼ਾਨ ਦੀ 29 ਅਪ੍ਰੈਲ ਨੂੰ ਕੈਂਸਰ ਨਾਲ ਮੌਤ ਹੋ ਗਈ। |
ਕੁਝ ਮਹੀਨੇ ਪਹਿਲਾਂ ਮੈਨੂੰ ਅਚਾਨਕ ਪਤਾ ਚੱਲਿਆ ਕਿ ਮੈਂ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਗ੍ਰਸਤ ਹਾਂ। ਮੈਂ ਪਹਿਲੀ ਵਾਰ ਉਦੋਂ ਹੀ ਇਹ ਸ਼ਬਦ ਸੁਣਿਆ। ਇਸ ਬਾਰੇ ਜਾਣਕਾਰੀ 'ਕੱਠੀ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਇਸ ਬਿਮਾਰੀ ’ਤੇ ਹਾਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਕਿਉਂਕਿ ਇਹ ਇਕ ਦੁਰਲਭ ਸਰੀਰਕ ਅਵਸਥਾ ਦਾ ਨਾਂ ਹੈ ਅਤੇ ਇਸੇ ਕਾਰਨ ਇਸ ਦੇ ਇਲਾਜ ਦੀ ਗੁੰਜਾਇਸ਼ ਵੀ ਘੱਟ ਹੈ। ਹਾਲੇ ਤੱਕ ਆਪਣੇ ਸਫਰ ਵਿਚ ਮੈਂ ਹੌਲੀ-ਤੇਜ਼ ਗਤੀ ਨਾਲ ਤੁਰਦਾ ਜਾ ਰਿਹਾ ਸੀ। ਮੇਰੇ ਨਾਲ ਮੇਰੀਆਂ ਵਿਉਂਤਾਂ, ਅਕਾਂਖਿਆਵਾਂ, ਸੁਪਨੇ ਤੇ ਮੰਜ਼ਿਲਾਂ ਸਨ। ਮੈਂ ਇਸ ਵਿਚ ਮਗਨ ਅੱਗੇ ਵਧਦਾ ਜਾ ਰਿਹਾ ਸੀ ਕਿ ਅਚਾਨਕ ਟਿਕਟ ਚੈੱਕਰ ਨੇ ਪਿੱਠ ਟਕੋਰਦਿਆਂ ਕਿਹਾ, “ਭਾਈ, 'ਟੇਸ਼ਨ ਆ ਰਿਹਾ ਐ ਤੇਰਾ, ਕਿਰਪਾ ਕਰਕੇ ਉੱਤਰ ਜਾ।” ਮੈਨੂੰ ਸਮਝ ਨਹੀਂ ਆਈ, "ਨਾ ਨਾ, ਮੇਰਾ ਸਟੇਸ਼ਨ ਹਾਲੇ ਨਹੀਂ ਆਇਆ।"
ਜਵਾਬ ਮਿਲਿਆ, “ਅਗਲੇ ਕਿਸੇ ਵੀ ਸਟਾਪ ’ਤੇ ਉੱਤਰਣਾ ਪਏਗਾ, ਤੇਰੀ ਮੰਜ਼ਿਲ ਆ ਗਈ।”
ਅਚਾਨਕ ਮਹਿਸੂਸ ਹੋਇਆ ਕਿ ਤੁਸੀਂ ਕਿਸੇ ਕਾਰਕ (ਢੱਕਣ) ਵਾਂਗ ਕਿਸੇ ਅਣਜਾਣ ਸਮੁੰਦਰ ਵਿਚ, ਅਕਲਪਿਤ ਲਹਿਰਾਂ 'ਤੇ ਵਹਿੰਦੇ ਜਾ ਰਹੇ ਹੋਵੋਂ, ਲਹਿਰਾਂ ਨੂੰ ਕਾਬੂ ਕਰਨ ਦੀ ਗ਼ਲਤਫ਼ਹਿਮੀ ਸਮੇਤ...
ਇਸ ਰੌਲ਼ੇ-ਗੌਲੇ, ਸਹਿਮ ਅਤੇ ਡਰ ਵਿਚ ਘਬਰਾ ਕੇ ਮੈਂ ਆਪਣੇ ਬੇਟੇ ਨੂੰ ਕਿਹਾ, “ਅੱਜ ਇਸ ਹਾਲਾਤ ਵਿਚ ਮੈਂ ਸਿਰਫ ਏਨਾ ਹੀ ਚਾਹੁੰਦਾ ਹਾਂ... ਮੈਂ ਇਸ ਮਾਨਸਿਕ ਹਾਲਤ ਨੂੰ ਘੜਮੱਸ, ਡਰ, ਬੇਚੈਨੀ ਦੀ ਹਾਲਤ ਵਿਚ ਨਹੀਂ ਜਿਉਣਾ ਚਾਹੁੰਦਾ। ਮੈਨੂੰ ਕਿਸੇ ਵੀ ਸੂਰਤ ਵਿਚ ਆਪਣੇ ਪੈਰ ਚਾਹੀਦੇ ਹਨ ਜਿਨ੍ਹਾਂ ਉੱਪਰ ਖੜਾ ਹੋ ਕੇ ਆਪਣੀ ਹਾਲਤ ਤੋਂ ਨਿਰਲੇਪ ਰਹਿ ਕੇ ਜਿਉਂ ਸਕਾਂ। ਮੈਂ ਖੜ੍ਹਾ ਹੋਣਾ ਚਾਹੁੰਦਾ ਹਾਂ।”
ਇਹ ਮੇਰੀ ਮਨਸ਼ਾ ਸੀ, ਮੇਰਾ ਇਰਾਦਾ ਸੀ ...
ਕੁਝ ਹਫ਼ਤਿਆਂ ਮਗਰੋਂ ਮੈਂ ਇਕ ਹਸਪਤਾਲ ਵਿਚ ਭਰਤੀ ਹੋ ਗਿਆ। ਬੇਹਿਸਾਬਾ ਦਰਦ ਹੋ ਰਿਹਾ ਹੈ। ਇਹ ਤਾਂ ਪਤਾ ਸੀ ਕਿ ਦਰਦ ਹੋਵੇਗਾ, ਪਰ ਏਨਾ ਦਰਦ... ਹੁਣ ਦਰਦ ਦੀ ਤੀਬਰਤਾ ਪਤਾ ਲੱਗ ਰਹੀ ਹੈ।
ਕੁਝ ਵੀ ਕੰਮ ਨਹੀਂ ਕਰ ਰਿਹਾ। ਨਾ ਕੋਈ ਹੌਂਸਲਾ-ਅਫਜ਼ਾਈ ਤੇ ਨਾ ਕੋਈ ਦਿਲਾਸਾ। ਪੂਰੀ ਕਾਇਨਾਤ ਉਸ ਦਰਦ ਵਾਲੇ ਪਲ ਵਿਚ ਸੁੰਗੜ ਗਈ ਸੀ। ਦਰਦ ਖ਼ੁਦਾ ਤੋਂ ਵੀ ਵੱਡਾ ਤੇ ਵਿਸ਼ਾਲ ਮਹਿਸੂਸ ਹੋਇਆ।
ਮੈਂ ਜਿਸ ਹਸਪਤਾਲ ਵਿਚ ਭਰਤੀ ਹਾਂ, ਉਸ ਵਿਚ ਬਾਲਕੋਨੀ ਵੀ ਹੈ, ਬਾਹਰ ਦਾ ਨਜ਼ਾਰਾ ਦਿਖਦਾ ਹੈ। ਕੋਮਾ ਵਾਰਡ ਮੇਰੇ ਐਨ ਉੱਪਰ ਹੈ। ਸੜਕ ਵਾਲੇ ਪਾਸੇ ਮੇਰਾ ਹਸਪਤਾਲ ਹੈ ਅਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ... ਜਿੱਥੇ ਵਿਵੀਅਨ ਰਿਚਰਡਸ ਦਾ ਮੁਸਕਰਾਉਂਦਾ ਪੋਸਟਰ ਹੈ। ਮੇਰੇ ਬਚਪਨ ਦੇ ਸੁਪਨਿਆਂ ਦਾ ਮੱਕਾ, ਉਸ ਨੂੰ ਦੇਖਕੇ ਪਹਿਲੀ ਨਜ਼ਰੇ ਤਾਂ ਮੈਨੂੰ ਕੁਝ ਮਹਿਸੂਸ ਹੀ ਨਹੀਂ ਹੋਇਆ। ਜਿਵੇਂ ਉਹ ਦੁਨੀਆ ਮੇਰੀ ਕਦੇ ਸੀ ਹੀ ਨਹੀਂ।
ਮੈਂ ਦਰਦ ਦੀ ਕਲਾਵੇ ਵਿਚ ਹਾਂ।
ਅਤੇ ਫਿਰ ਇਕ ਦਿਨ ਇਹ ਅਹਿਸਾਸ ਹੋਇਆ... ਜਿਵੇਂ ਮੈਂ ਕਿਸੇ ਐਸੀ ਚੀਜ਼ ਦਾ ਹਿੱਸਾ ਹਾਂ ਹੀ ਨਹੀਂ ਜੋ ਯਕੀਨੀ ਹੋਣ ਦਾ ਦਾਅਵਾ ਕਰੇ। ਨਾ ਹਸਪਤਾਲ ਤੇ ਨਾ ਸਟੇਡੀਅਨ। ਮੇਰੇ ਅੰਦਰ ਜੋ ਬਚਿਆ ਸੀ, ਉਹ ਅਸਲ ਵਿਚ ਕਾਇਨਾਤ ਦੀ ਅਸੀਮ ਸ਼ਕਤੀ ਅਤੇ ਸਿਆਣਪ ਦਾ ਪ੍ਰਭਾਵ ਸੀ। ਮਨ ਨੇ ਕਿਹਾ, “ਸਿਰਫ ਬੇਯਕੀਨੀ ਹੀ ਯਕੀਨ ਹੈ।”
ਇਸ ਅਹਿਸਾਸ ਨੇ ਮੈਨੂੰ ਸਮਪਰਣ ਅਤੇ ਭਰੋਸੇ ਲਈ ਤਿਆਰ ਕੀਤਾ। ਹੁਣ ਭਾਵੇਂ ਜੋ ਵੀ ਨਤੀਜਾ ਹੋਵੇ, ਇਹ ਭਾਵੇਂ ਮੈਨੂੰ ਜਿੱਥੇ ਮਰਜ਼ੀ ਲੈ ਜਾਵੇ, ਅੱਜ ਤੋਂ ਅੱਠ ਮਹੀਨਿਆਂ ਬਾਅਦ, ਚਾਰ ਮਹੀਨਿਆਂ ਬਾਅਦ ਜਾਂ ਫਿਰ ਦੋ ਸਾਲ। ਚਿੰਤਾ ਪਾਸੇ ਹਟਣ ਲੱਗ ਪਈ ਅਤੇ ਫਿਰ ਮੁਕਤ ਹੋਣ ਲੱਗੀ ਅਤੇ ਫਿਰ ਮੇਰੇ ਦਿਮਾਗ ਵਿਚੋਂ ਜਿਉਣ-ਮਰਨ ਵਾਲਾ ਹਿਸਾਬ ਉੱਡ-ਪੁੱਡ ਗਿਆ।
ਪਹਿਲੀ ਵਾਰ ਮੈਨੂੰ ‘ਆਜ਼ਾਦੀ’ ਲਫ਼ਜ਼ ਦਾ ਅਹਿਸਾਸ ਹੋਇਆ ਅਸਲ ਅਰਥਾਂ ਵਿਚ ! ਇਕ ਪ੍ਰਾਪਤੀ ਦਾ ਅਹਿਸਾਸ।
ਇਸ ਕਾਇਨਾਤ ਦੀ ਹੋਣੀ ਵਿਚ ਮੇਰਾ ਭਰੋਸਾ ਹੀ ਮੇਰੇ ਲਈ ‘ਸੰਪੂਰਨ ਸੱਚ’ ਬਣ ਗਿਆ। ਉਸ ਤੋਂ ਮਗਰੋਂ ਲੱਗਿਆ ਕਿ ਉਹ ਭਰੋਸਾ ਮੇਰੇ ਹਰ ਤੰਤੂ (ਸੈੱਲ) ਵਿਚ ਉਤਰ ਗਿਆ। ਸਮਾਂ ਹੀ ਦੱਸੇਗਾ ਕਿ ਉਹ ਟਿਕਿਆ ਰਹਿੰਦਾ ਹੈ ਜਾਂ ਨਹੀਂ। ਫ਼ਿਲਹਾਲ ਮੈਂ ਇਹੀ ਮਹਿਸੂਸ ਕਰ ਰਿਹਾ ਹਾਂ।
ਇਸ ਸਫ਼ਰ ਵਿਚ ਸਾਰੀ ਦੁਨੀਆ ਦੇ ਲੋਕ..... ਸਾਰੇ ਮੇਰੇ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ, ਅਰਦਾਸ ਕਰ ਰਹੇ ਹਨ, ਮੈਂ ਜਿਨ੍ਹਾਂ ਨੂੰ ਜਾਣਦਾ ਹਾਂ ਅਤੇ ਜਿਨ੍ਹਾਂ ਨੂੰ ਨਹੀਂ ਜਾਣਦਾ, ਉਹ ਸਾਰੇ ਅੱਡ-ਅੱਡ ਥਾਵਾਂ ਅਤੇ ਸਮੇਂ ਦੀਆਂ ਹੱਦਾਂ ਅੰਦਰ ਮੇਰੇ ਲਈ ਅਰਦਾਸ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਰਿਆਂ ਦੀਆਂ ਅਰਦਾਸਾਂ ਇਕ ਅਰਦਾਸ ਵਿਚ ਵੱਟ ਗਈਆਂ ਹਨ, ਇਕ ਵੱਡੀ ਤਾਕਤ... ਤੀਬਰ ਜੀਵਨ ਧਾਰਾ ਬਣ ਕੇ ਮੇਰੀ ਰੀੜ੍ਹ ਦੀ ਹੱਡੀ ਵਿਚੋਂ ਹੁੰਦੀ ਹੋਈ ਮੇਰੇ ਸਿਰ ਦੇ ਉੱਪਰਲੇ ਪਾਸੇ ਕਪਾਲ ਵਿਚੋਂ ਬੀਜ ਵਾਂਗ ਫੁੱਟ ਰਹੀ ਹੈ।
ਬੀਜ ਵਾਂਗ ਫੁੱਟਣ ਮਗਰੋਂ ਇਹ ਕਦੇ ਕਲੀ, ਕਦੇ ਪੱਤੀ, ਕਦੇ ਟਹਿਣੀ ਤੇ ਕਦੀ ਸ਼ਾਖ ਬਣ ਜਾਂਦੀ ਹੈ। ਮੈਂ ਖ਼ੁਸ਼ ਹੋ ਕੇ ਇਨ੍ਹਾਂ ਨੂੰ ਦੇਖਦਾ ਹਾਂ। ਲੋਕਾਂ ਦੀ ਸਾਂਝੀ ਅਰਦਾਸ ਨਾਲ ਪੁੰਗਰੀ ਹਰ ਟਹਿਣੀ, ਹਰ ਪੱਤੀ, ਹਰ ਫੁੱਲ ਮੈਨੂੰ ਇਕ ਨਵੀਂ ਦੁਨੀਆ ਦਿਖਾਉਂਦਾ ਹੈ। ਅਹਿਸਾਸ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਲਹਿਰਾਂ ਕਾਰਕ (ਢੱਕਣ) ਦੇ ਵੱਸ ਵਿਚ ਹੀ ਹੋਣ।
ਜਿਵੇਂ ਤੁਸੀਂ ਕੁਦਰਤ ਦੇ ਪੰਘੂੜੇ ਵਿਚ ਹੁਲਾਰੇ ਲੈ ਰਹੇ ਹੋਵੋਂ!!!
********
ਪੋਸਟ ਸਕ੍ਰਿਪਟ: ਇਰਫ਼ਾਨ ਨੂੰ ਜਦੋਂ ਉਸਦੀ ਬਿਮਾਰੀ ਦਾ ਪਤਾ ਲੱਗਿਆ ਸੀ ਤਾਂ ਉਦੋਂ ਹੀ ਉਸਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਸੀ। ਉਦੋਂ ਉਹ ਏਨਾ ਬਿਮਾਰ ਹੋ ਚੁੱਕਿਆ ਸੀ ਕਿ ਉਹ ਡਰ ਗਿਆ ਕਿ ਉਹ ਆਪਣੇ ਪਿਆਰਿਆਂ ਨੂੰ ਨਹੀਂ ਮਿਲਿਆ। ਇਲਾਜ ਦੌਰਾਨ ਇਰਫ਼ਾਨ ਜਿਸਦੇ ਸਰਹਾਣੇ ਦੇ ਇਕ ਪਾਸੇ ਜ਼ਿੰਦਗੀ ਸੀ ਤੇ ਦੂਜੇ ਪਾਸੇ ਹਨ੍ਹੇਰਾ ਸੀ, ਉਦੋਂ ਉਸ ਨੇ ਆਪਣੀ ਰੂਹ ਦੀ ਸਿਆਹੀ ਨਾਲ ਇਕ ਖ਼ਤ ਲਿਖਿਆ। ਉਮੀਦ ਦੀ ਇਕ ਕਿਰਨ। ਕਿਸੇ ਕਵਿਤਾ ਵਰਗੀ ਫ਼ਿਲਾਸਫੀ। ਜੋ ਆਖੋਂ ਸੇ ਨਾ ਟਪਕਾ ਤੋ ਫਿਰ ਲਹੂ ਕਯਾ ਹੈ !! ਇਹ ਖ਼ਤ ਇਰਫਾਨ ਬਾਈ ਨੇ ਸੀਨੀਅਰ ਫ਼ਿਲਮ ਪੱਤਰਕਾਰ ਅਜੇ ਬ੍ਰਹਮਾਤਮਜ ਨੂੰ ਲੰਡਨ ਤੋਂ ਭੇਜਿਆ ਸੀ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।
ਬਹੁਤ ਹੀ ਜ਼ਬਰਦਸਤ ਲਿਖਤ।
ReplyDeleteਮੌਤ ਦੇ ਕਲਾਵੇ ਵਿੱਚ ਬੈਠ ਕੇ ਜ਼ਿੰਦਗੀ ਨੂੰ ਗਲਵਕੜੀ ਪਾਉਣ ਦੇ ਅਹਿਸਾਸ ਵਰਗੀ ਲਿਖਤ।
ਫਾਂਸੀ ਦੇ ਤਖਤੇ ਤੇ ਆਬ-ਏ-ਹਯਾਤ ਦੇ ਪਿਆਲੇ ਦੀ ਬਖਸ਼ਿਸ਼ ਵਰਗਾ ਮਹਿਸੂਸ ਕਰਾਉਂਦੀ ਲਿਖਤ।
ਦਰਦ ਦਾ ਹੱਦੋਂ ਵੱਧ ਕੇ ਦਵਾ ਹੋ ਜਾਣਾ ਸੁਣਿਆ ਸੀ ਪਰ ਇਹ ਲਿਖਤ ਉਸ ਅਹਿਸਾਸ ਦੇ ਵੀ ਨੇੜੇ ਲੈ ਕੇ ਜਾਂਦੀ ਹੈ।।
-ਰੈਕਟਰ ਕਥੂਰੀਆ