ਰੇਟਿੰਗ - ਡੇਢ ਸਟਾਰ
ਬਟਾ ਪੰਜ ਸਟਾਰ
ਨਿਰਦੇਸ਼ਕ - ਨੀਰੂ
ਬਾਜਵਾ
ਲੇਖਕ - ਜਗਦੀਪ ਸਿੱਧੂ
ਸਿਤਾਰੇ – ਰੂਬੀਨਾ ਬਾਜਵਾ,
ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ, ਬੀਐਨ ਸ਼ਰਮਾ
ਪੰਜਾਬੀ ਫਿਲਮ ਜਗਤ
ਵਿਚ ਆਪਣੀ ਖੂਬਸੂਰਤੀ ਅਤੇ ਸਫ਼ਲ ਫਿਲਮਾਂ ਨਾਲ ਧਾਕ
ਜਮਾਉਣ ਵਾਲੀ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ ਦੀ ਦੂਸਰੀ ਫਿਲਮ ਸਰਘੀ ਨਾਲ ਨਿਰਦੇਸ਼ਨ ਵਿਚ
ਹੱਥ ਅਜ਼ਮਾਇਆ ਹੈ।
ਇਹ ਫਿਲਮ ਉਸਨੇ ਆਪਣੀ ਨਿੱਕੀ ਭੈਣ ਰੂਬੀਨਾ ਬਾਜਵਾ ਨੂੰ ਵੱਡੇ ਪਰਦੇ ਉੱਪਰ
ਉਤਾਰਨ ਲਈ ਬਣਾਈ ਹੈ। ਜਿਉਂ ਹੀ ਫਿਲਮ ਦੀ ਸ਼ੁਰੂਆਤ ਵਿਚ ਕਲਾਕਾਰਾਂ ਦੇ ਨਾਮ ਆਉਣੇ ਸ਼ੁਰੂ ਹੁੰਦੇ
ਹਨ, ਦੇਖਦਿਆਂ ਹੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਨੀਰੂ ਰੂਬੀਨਾ ਬਾਰੇ ਕੁਝ ਜ਼ਿਆਦਾ ਹੀ ਭਾਵੁਕ ਹੈ।
ਅਸਲ ਜ਼ਿੰਦਗੀ ਵਿਚ ਜੋਟੀਦਾਰ ਅਤੇ ਨੌਜਵਾਨ ਦਿਲਾਂ ਦੀ ਧੜਕਨ ਗਾਇਕ ਕਲਾਕਾਰ ਜੱਸੀ ਗਿੱਲ ਅਤੇ ਬੱਬਲ
ਰਾਇ ਦੀ ਜੋੜੀ ਦੀ ਇਹ ਤੀਸਰੀ ਫਿਲਮ ਹੈ। ਸਰਘੀ ਰੁਮਾਂਟਿਕ-ਕਮੇਡੀ ਵਾਲੀ ਮਸਾਲਾ ਫਿਲਮ ਹੈ, ਜਿਸ
ਵਿਚ ਕੁਝ ਯਾਦਗਰ ਪਲ ਮੌਜੂਦ ਹਨ ਪਰ ਨਿਰਦੇਸ਼ਨ ਦੇ ਮਾਮਲੇ ਵਿਚ ਨਿਰਾਸ਼ ਕਰਦੀ ਹੈ।
ਕਹਾਣੀ
ਨੱਕ ਪੂੰਝਣ ਦੀ ਉਮਰ
ਤੋਂ ਹੀ ਬੱਬੂ (ਜੱਸੀ ਗਿੱਲ) ਸਰਘੀ (ਰੂਬੀਨਾ ਬਾਜਵਾ) ਦੀ ਮੁਹੱਬਤ ਵਿਚ ਚੂਰ ਹੈ, ਪਰ ਸ਼ਰਮਾਕਲ ਅਤੇ
ਉਸ ਦੀ ਦੋਸਤੀ ਖੁੰਝ ਜਾਣ ਦੇ ਡਰੋਂ ਕਾਲਜ ਪਹੁੰਚਣ ਤੱਕ ਵੀ ਉਹ ਉਸ ਨੂੰ ਆਪਣੇ ਦਿਲ ਦੀ ਗੱਲ ਨਹੀਂ
ਦੱਸ ਸਕਦਾ। ਉਹ ਪ੍ਰੇਮ-ਪੱਤਰ ਲਿਖਣਾ, ਜੈਲ ਲਾ ਕੇ ਵਾਲ ਕੰਡਿਆਂ ਵਾਂਗੂੰ ਖੜਾਉਣਾ ਅਤੇ ਬ੍ਰਾਂਡੇਡ
ਕਪੜੇ ਪਾਉਣਾ ਤਾਂ ਸਿੱਖ ਲੈਂਦਾ ਹੈ, ਪਰ ਉਸ ਤੋਂ ਦਿਲ ਦੀ ਗੱਲ ਕਹਿਣਾ ਨਹੀਂ ਸਿੱਖਿਆ ਜਾਂਦਾ। ਅਚਾਨਕ
ਬਿਨਾਂ ਕਿਸੇ ਖਾਸ ਕਾਰਨ ਸਰਘੀ ਅਮਰੀਕ (ਕਰਮਜੀਤ ਅਨਮੋਲ) ਨਾਲ ਨਕਲੀ ਵਿਆਹ ਕਰਵਾ ਕੇ ਬਾਹਰਲੇ ਮੁਲਕ
ਚਲੀ ਜਾਂਦੀ ਹੈ। ਇੱਧਰ ਸਾਡਾ ਦੇਸੀ ਦੇਵਦਾਸ ਬੱਬੂ ਉਸ ਨੂੰ ਮਿਲਣ ਦੀ ਉਮੀਦ ਹੀ ਗੁਆ ਬੈਠਦਾ ਹੈ,
ਓਧਰ ਸਰਘੀ ਇਕ ਸਰਦਾਰ ਜੀ (ਬੀ. ਐਨ. ਸ਼ਰਮਾ) ਦੇ ਰੇਸਤਰਾਂ ਵਿਚ ਕੰਮ ਕਰਨ ਲੱਗਦੀ ਹੈ, ਜਿੱਥੇ ਉਸ
ਦਾ ਭੂੰਡ ਆਸ਼ਕ ਬੇਟਾ ਕਰਮਜੀਤ ਉਰਫ਼ ਕੈਮ (ਬੱਬਲ ਰਾਏ) ਉਸ ਉੱਪਰ ਦਿਲ ਹਾਰ ਬੈਠਦਾ ਹੈ। ਜਦੋਂ
ਉਸਨੂੰ ਸਰਘੀ ਦੇ ਨਕਲੀ ਵਿਆਹ ਦਾ ਪਤਾ ਲੱਗਦਾ ਹੈ ਤਾਂ ਉਹ ਉਸਦਾ ਦਿਲ ਜਿੱਤਣ ਲਈ ਦਿਨ-ਰਾਤ ਇਕ ਕਰ
ਦਿੰਦਾ ਹੈ। ਸਰਘੀ ਦੀ ਕੈਮ ਨਾਲ ਵੱਧਦੀ ਨੇੜਤਾ ਤੋਂ ਦੁਖੀ ਅਮਰੀਕ ਵੀ ਆਪਣੀ ਨਕਲੀ ਘਰਵਾਲੀ ਨੂੰ
ਅਸਲੀ ਬਣਾਉਣ ਦੀ ਪੂਰੀ ਵਾਹ ਲਾਉਂਦਾ ਹੈ। ਇਸ ਤੋਂ ਪਹਿਲਾਂ ਕਿ ਸਰਘੀ ਕੋਈ ਫੈਸਲਾ ਲੈਂਦੀ, ਬੱਬੂ
ਉਸ ਦੀ ਭਾਲ ਵਿਚ ਉਸੇ ਰੇਸਤਰਾਂ ਵਿਚ ਆ ਕੇ ਨੌਕਰੀ ਲੱਗ ਜਾਂਦਾ ਹੈ। ਇਸ ਤਰ੍ਹਾਂ ਸਰਘੀ ਨੂੰ ਹਾਸਲ
ਕਰਨ ਦੀ ਦੌੜ ਤਿੰਨਾਂ ਵਿਚ ਲੱਗ ਜਾਂਦੀ ਹੈ। ਸਰਘੀ ਕਿਸਦੇ ਹੱਕ ਵਿਚ ਫੈਸਲਾ ਸੁਣਾਉਂਦੀ ਹੈ, ਇਹ
ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ।
ਘੈਂਟ ਗੱਲਾਂ
ਜਗਦੀਪ ਸਿੱਧੂ ਦੀ
ਲਿਖੀ ਕਹਾਣੀ ਕਾਗਜ਼ ਉੱਤੇ ਤਾਂ ਬੜੀ ਗੁੰਝਲਦਾਰ ਅਤੇ ਮਜ਼ੇਦਾਰ ਲੱਗਦੀ ਹੈ। ਕਿਰਦਾਰ ਅਤੇ ਮਾਹੌਲ ਵੀ
ਪੂਰਾ ਰੁਮਾਂਟਿਕ ਅਤੇ ਕਾਮੇਡੀ ਵਾਲੇ ਹਨ, ਜਿਸ ਵਿਚ ਦੇਸੀ ਪੰਜਾਬੀਪੁਣੇ ਦਾ ਪੂਰਾ ਤੜਕਾ ਲਾਇਆ ਗਿਆ
ਹੈ। ਲਲਿਤ ਸਾਹੂ ਨੇ ਆਪਣੇ ਕੈਮਰੇ ਨਾਲ ਪੰਜਾਬ ਅਤੇ ਕੀਨਿਆਂ ਨੂੰ ਪੂਰੀ ਰੂਹ ਨਾਲ ਪਰਦੇ ਉੱਥੇ
ਉਤਾਰਿਆ ਹੈ। ਫਿਲਮ ਦਾ ਕਲਾਈਮੈਕਸ ਇਸ ਦੀ ਜਾਨ ਹੈ। ਭਾਵੇਂ ਕਿ ਅੰਤ ਥੋੜ੍ਹਾ ਜਿਹਾ ਲਮਕਾਇਆ ਹੋਇਆ
ਹੈ ਪਰ ਇਹ ਦਰਸ਼ਕਾਂ ਨੂੰ ਮਨੋਰੰਜਕ ਸਕੂਨ ਦੇ ਨਾਲ-ਨਾਲ ਆਖ਼ਰ ਮਾਨਸਿਕ ਸਕੂਨ ਵੀ ਦੇ ਹੀ ਦਿੰਦਾ ਹੈ।
ਕਾਲਜ ਦੀ ਫੇਅਰਵੈੱਲ ਅਤੇ ਗਰੁੱਪ ਫੋਟੋ ਵਾਲੇ ਦ੍ਰਿਸ਼ ਬਹੁਤ ਮਜ਼ੇਦਾਰ ਹਨ। ਬਤੌਰ ਡਾਇਰੈਕਟ ਆਪਣੀ
ਪਹਿਲੀ ਪੰਜਾਬੀ ਫਿਲਮ ਵਿਚ ਨੀਰੂ ਬਾਜਵਾ ਕਹਾਣੀ ਦੇ ਵਿਸ਼ੇ ਨਾਲ ਮੁੱਢ ਤੋਂ ਅੰਤ ਤੱਕ ਜੁੜੀ ਰਹਿੰਦੀ
ਹੈ। ਜੱਸੀ ਗਿੱਲ ਦੇ ਬਾਪੂ ਅਤੇ ਦੋਸਤ ਪੱਕੇ ਦਾ ਕਿਰਦਾਰ ਨਿਭਾ ਰਹੇ ਦੋਵੇਂ ਕਲਾਕਾਰ ਇਸ ਫਿਲਮ ਦੀ
ਸ਼ਾਨਦਾਰ ਖੋਜ ਹਨ। ਉਨ੍ਹਾਂ ਦੀ ਅਦਾਕਾਰੀ ਦੇਖਣ ਵਾਲੀ ਹੈ।
ਬੇਸੁਆਦੀ
ਸਰਘੀ ਦੀ ਬੇਸੁਆਦੀ
ਉਸਦੇ ਨਿਰਦੇਸ਼ਨ ਵਿਚ ਹੈ। ਕਿਰਦਾਰਾਂ ਲਈ ਅਦਾਕਾਰਾਂ ਦੀ ਚੋਣ ਅਤੇ ਪਟਕਥਾ ਦੋਵੇਂ ਹੀ ਢਿੱਲੇ ਹਨ।
ਸਿਤਾਰਿਆਂ ਦੀ ਪੂਰੀ ਫੌਜ ਵਾਲੀ ਮਿਸਟਰ ਐਂਡ ਮਿਸੇਜ 420 ਤੋਂ ਇਲਾਵਾ ਜੱਸੀ-ਬੱਬੂ ਦੀ ਜੋੜੀ ਬਤੌਰ
ਅਦਾਕਾਰ ਕਦੇ ਵੀ ਦਰਸ਼ਕਾਂ ਨੂੰ ਸਿਨੇਮਾਂ ਘਰਾਂ ਤੱਕ ਖਿੱਚ ਕੇ ਨਹੀਂ ਲਿਆ ਸਕੀ। ਗਾਇਕੀ ‘ਚ ਉਨ੍ਹਾਂ
ਦਾ ਸਿੱਕਾ ਚੱਲਦਾ ਹੈ, ਪਰ ਅਦਾਕਾਰੀ ‘ਚ ਉਨ੍ਹਾਂ ਨੇ ਹਾਲੇ ਆਪਣਾ ਹੁਨਰ ਸਾਬਤ ਕਰਨਾ ਹੈ। ਨਿਰਾਸ਼ਾ
ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਕਮਜ਼ੋਰ ਅਦਾਕਾਰੀ ਅਤੇ ਨਿਰਦੇਸ਼ਕ ਦੀ ਕਮਜ਼ੋਰ ਨਿਰਦੇਸ਼ਨਾ ਨੇ ਫਿਲਮ
ਨੂੰ ਅਧਪਕੀ ਛੱਡ ਦਿੱਤਾ ਹੈ। ਕਹਾਣੀ ਦੇ ਦੋ ਮੁੱਖ ਹਿੱਸੇ ਬਹੁਤ ਧੀਮੇ, ਨੀਰਸ ਅਤੇ ਖਿੱਲਰੇ ਹੋਏ
ਹਨ। ਲੇਖਕ ਅਤੇ ਨਿਰਦੇਸ਼ਕ ਨੇ ਜਿਸ ਤਰ੍ਹਾਂ ਪੱਕੇ ਰੰਗ ਵਾਲੇ ਕੁੜੇ-ਮੁੰਡੇ ਦੇ ਪਿਆਰ ਨੂੰ ਮਜ਼ਾਕ
ਬਣਾ ਕੇ ਕਾਮੇਡੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਬਹੁਤ ਹੀ ਬਕਬਕਾ ਲੱਗਦਾ ਹੈ। ਇਹ ਦ੍ਰਿਸ਼ ਉਨ੍ਹਾਂ
ਦਰਸ਼ਕਾਂ ਨੂੰ ਅਸਹਿਜ ਕਰ ਸਕਦੇ ਹਨ ਜੋ ਅਸਲ ਜ਼ਿੰਦਗੀ ਵਿਚ ਇਸ ਭੇਦਭਾਵ ਦਾ ਸਾਹਮਣਾ ਕਰ ਰਹੇ ਹਨ। ਕੁਝ
ਹਸਾਉਣ ਵਾਲੇ ਅਤੇ ਰੁਮਾਂਟਿਕ ਦ੍ਰਿਸ਼ ਚੰਗੇ ਤਾਂ ਲੱਗਦੇ ਹਨ, ਪਰ ਫਿਲਮ ਪੂਰੀ ਤਰ੍ਹਾਂ ਦਰਸ਼ਕਾਂ ਨੂੰ
ਬੰਨ ਕੇ ਨਹੀਂ ਰੱਖਦੀ। ਇਸ ਤਰ੍ਹਾਂ ਸਰਘੀ ਦੀ ਲਾਲੀ ਚਮਕਣ ਦੀ ਬਜਾਇ ਬੱਦਲਵਾਈ ਵਿਚ ਘਿਰੀ ਹੀ
ਲੱਗਦੀ ਹੈ। ਲੱਗਭਗ ਵੱਡੀ ਭੈਣ ਦੀ ਫੋਟੋ ਕਾਪੀ ਰੂਬੀਨਾ ਨੂੰ ਵੀ ਨੀਰੂ ਵਾਂਗ ਪੰਜਾਬੀ ਦਾ ਲਹਿਜਾ
ਸਿੱਖਣ ਦੀ ਬੇਹੱਦ ਲੋੜ ਹੈ। ਉਸ ਦੀ ਖੂਬਸੂਰਤੀ ਅਤੇ ਭੈਣ ਦੀ ਸ਼ੋਹਰਤ ਦਾ ਠੱਪਾ ਤਾਂ ਪਰਦੇ ਉਤੇ
ਜੱਚਦੇ ਹਨ, ਪਰ ਉਸਨੂੰ ਆਪਣੇ ਹਾਵ-ਭਾਵ, ਕਿਰਦਾਰ ਨੂੰ ਅਪਣਾਉਣ ਅਤੇ ਸੰਵਾਦ ਬੋਲਣ ਦਾ ਹੁਨਰ ਸਿੱਖਣ
ਲਈ ਕਾਫੀ ਮਿਹਨਤ ਕਰਨੀ ਪਵੇਗੀ। ਫਿਲਮ ਦੇ ਲੇਖਕ ਨੂੰ ਤਾਂ ਸਰਘੀ ਦੇ ਸ਼ਬਦ-ਜੋੜ ਵੀ ਨਹੀਂ ਲਿਖਣੇ ਆਉਂਦੇ,
ਇਸੇ ਲਈ ਉਹ ਬੱਬੂ ਤੋਂ ਪ੍ਰੇਮ-ਪੱਤਰ ਵਿਚ ਕੁੜੀ ਦਾ ਨਾਮ ‘ਸਰਗੀ’ ਲਿਖਵਾਉਂਦਾ ਹੈ। ਅਗਲੀ ਵੱਡੀ
ਨਿਰਾਸ਼ਾ ਸੰਗੀਤਕਾਰਾਂ ਤੋਂ ਮਿਲਦੀ ਹੈ, ਜੱਸੀ ਕਤਿਆਲ, ਬੀ ਪ੍ਰੈਕ ਅਤੇ ਗੁਰਮੀਤ ਸਿੰਘ ਰੂਹ ਖੁਸ ਕਰ
ਦੇਣ ਵਾਲੇ ਰੁਮਾਂਟਿਕ ਗੀਤਾਂ ਦੇ ਧਨੀ ਰਹੇ ਹਨ, ਪਰ ਹੁਣ ਉਨ੍ਹਾਂ ਦਾ ਜਾਦੂ ਢਲਦਾ ਲੱਗ ਰਿਹਾ ਹੈ। ‘ਫੇਰ
ਉਹੀ ਹੋਇਆ’ ਗੀਤ ਥੋੜ੍ਹਾ ਜਿਹਾ ਉੱਠਦਾ ਹੈ, ਪਰ ਨਾ ਬੁੱਲ੍ਹਾਂ ‘ਤੇ ਚੱੜ੍ਹਦਾ ਹੈ ਨਾ ਦਿਲ ਵਿਚ
ਖੜ੍ਹਦਾ ਹੈ।
ਫੈਸਲਾ
ਜੇ ਤੁਸੀਂ ਦੇਸੀ
ਰੋਮਾਂਟਿਕ ਕਮੇਡੀ ਫਿਲਮਾ ਦੇ ਕੱਟੜ ਫੈਨ ਹੋ ਤਾਂ ਇਹ ਫਿਲਮ ਇਕ ਵਾਰੀ ਦੇਖ ਸਕਦੇ ਹੋ, ਪਰ ਜੇ
ਤੁਸੀਂ ਜੱਟ ਐਂਡ ਜੂਲੀਅਟ ਵਰਗੇ ਰੁਮਾਂਸ ਅਤੇ ਕਾਮੇਡੀ ਦੀ ਉਮੀਦ ਲਾ ਕੇ ਜਾਣ ਦੀ ਸੋਚ ਰਹੇ ਹੋ ਤਾਂ
ਘਰ ਦੇ ਹੋਮ ਥਿਏਟਰ ਸਾਹਮਣੇ ਬੈਠਣਾ ਹੀ ਠੀਕ ਰਹੇਗਾ। ਵੈਸੇ ਵੀ ਘਰ ਦੇ ਪੌਪਕਰਨ ਸਿਹਤ ਅਤੇ ਜੇਬ
ਦੋਵਾਂ ਲਈ ਜ਼ਿਆਦਾ ਚੰਗੇ ਹੁੰਦੇ ਹਨ। ਸਰਘੀ ਲਈ ਮੇਰੇ ਵੱਲੋਂ ਡੇਢ ਤਾਰੇ...
*ਦੀਪ ਜਗਦੀਪ ਸਿੰਘ, ਫਿਲਮ
ਅਤੇ ਟੀਵੀ ਲੇਖਕ, ਪੱਤਰਕਾਰ ਅਤੇ ਗੀਤਕਾਰ ਹਨ।
No comments:
Post a Comment